ਗੁਰਦੁਆਰਿਆਂ ਦੀ ਮਰਿਆਦਾ ਭੰਗ ਕਰਨ ਵਾਲੇ ਖ਼ਬਰਦਾਰ, ਕੀਤੀ ਜਾਵੇਗੀ ਸਖ਼ਤ ਕਾਰਵਾਈ-ਗਿਆਨੀ ਰਘਬੀਰ ਸਿੰਘ

ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕਿਸਾਨਾਂ ਦੇ ਹੱਕਾਂ ਪ੍ਰਤੀ ਕੇਂਦਰ ਸਰਕਾਰ ਦੇ ਵੱਲੋਂ ਕੀਤੇ ਜਾ ਰਹੇ ਵਰਤਾਅ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਹਰਿਆਣਾ ਦੇ ਗੁਰਦੁਆਰਿਆਂ ਦੀਆਂ ਸਰਾਵਾਂ ਵਿਚ ਪੁਲਿਸ ਅਤੇ ਨੀਮ ਫੌਜੀ ਦਸਤਿਆਂ ਵੱਲੋਂ ਨਸ਼ਿਆਂ ਦਾ ਸੇਵਨ ਕਰਨ ਦੀਆਂ ਘਟਨਾਵਾਂ ਦਾ ਗੰਭੀਰ ਨੋਟਿਸ ਲਿਆ ਹੈ। ਉਨ੍ਹਾਂ ਜਿੱਥੇ ਕੇਂਦਰ ਸਰਕਾਰ ਨੂੰ ਦੇਸ਼ ਦੇ ਅੰਨ੍ਹਦਾਤੇ ਕਿਸਾਨੀ ਵਰਗ ਨੂੰ ਉਨ੍ਹਾਂ ਦੇ ਹੱਕ ਦੇਣ ਦੀ ਨਸੀਹਤ ਦਿੱਤੀ ਹੈ, ਉੱਥੇ ਹੀ ਸਰਕਾਰ ਵਲੋਂ ਨਾਮਜ਼ਦ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਖ਼ਤ ਸ਼ਬਦਾਂ ਵਿੱਚ ਤਾੜਨਾ ਕੀਤੀ ਹੈ ਕਿ ਸੰਗਤਾਂ ਦੀ ਰਿਹਾਇਸ਼ ਲਈ ਬਣੀਆਂ ਗੁਰਦੁਆਰਿਆਂ ਦੀਆਂ ਸਰਾਵਾਂ ਵਿਚੋਂ ਪੁਲਿਸ ਅਤੇ ਨੀਮ ਫੌਜੀ ਬਲਾਂ ਨੂੰ ਤੁਰੰਤ ਬਾਹਰ ਕੀਤਾ ਜਾਵੇ।

ਇਸ਼ਤਿਹਾਰਬਾਜ਼ੀ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਆਪਣੇ ਹੱਕਾਂ ਲਈ ਦਿੱਲੀ ਨੂੰ ਰਵਾਨਾ ਹੋਏ ਪੰਜਾਬ ਦੇ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਪੁਲਿਸ ਵੱਲੋਂ ਗੁਰਦੁਆਰਾ ਮੰਜੀ ਸਾਹਿਬ ਅੰਬਾਲਾ ਅਤੇ ਗੁਰਦੁਆਰਾ ਪੰਜੋਖਰਾ ਸਾਹਿਬ ਦੀਆਂ ਸਰਾਵਾਂ ਦੇ ਕਮਰਿਆਂ ਵਿੱਚ ਡੇਰੇ ਜਮਾਉਣ ਅਤੇ ਉੱਥੇ ਨਸ਼ਿਆਂ ਦਾ ਸੇਵਨ ਕਰਨ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ ਜਿਨ੍ਹਾਂ ਨੇ ਸਿੱਖ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚਾਈ ਹੈ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸੰਗਤਾਂ ਨੇ ਗੁਰਦੁਆਰਿਆਂ ਦੀਆਂ ਸਰਾਵਾਂ ਵਿਚੋਂ ਪੁਲਿਸ ਦੁਆਰਾ ਵਰਤੇ ਗਏ ਤੰਬਾਕੂ, ਸਿਗਰਟਾਂ, ਸ਼ਰਾਬ ਅਤੇ ਹੋਰ ਸਿੱਖ ਧਰਮ ਵਿਰੋਧੀ ਵਸਤੂਆਂ ਬਰਾਮਦ ਕੀਤੀਆਂ ਹਨ, ਜੋ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੀ ਵੱਡੀ ਕੁਤਾਹੀ ਹੈ, ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਆਪਣੇ ਸਿਆਸੀ ਮੁਫਾਦਾਂ ਖਾਤਰ ਪਵਿੱਤਰ ਗੁਰਦੁਆਰਿਆਂ ਵਿਚ ਪੁਲਸ ਵਾੜਨ ਦੀ ਹਮਾਕਤ ਕੀਤੀ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਕਮੇਟੀ ਨੂੰ ਇਹ ਚੇਤੇ ਰੱਖਣਾ ਚਾਹੀਦਾ ਹੈ ਕਿ ਉਹ ਗੁਰਦੁਆਰਿਆਂ ਦੀ ਮਾਲਕ ਨਹੀਂ ਸਗੋਂ ਪ੍ਰਬੰਧਕੀ ਸੰਸਥਾ ਹੈ, ਜਿਸ ਦੇ ਕੋਲ ਅਜਿਹਾ ਕੋਈ ਹੱਕ ਨਹੀਂ ਹੈ ਕਿ ਉਹ ਗੁਰਦੁਆਰਿਆਂ ਦੀਆਂ ਸਰਾਵਾਂ ਵਿਚ ਪੁਲਸ ਨੂੰ ਬਿਠਾ ਕੇ ਤੰਬਾਕੂ ਅਤੇ ਸ਼ਰਾਬ ਦੀ ਵਰਤੋਂ ਕਰਨ ਦੀ ਖੁੱਲ੍ਹ ਦੇਵੇ।

ਇਸ਼ਤਿਹਾਰਬਾਜ਼ੀ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਹਿਲਾਂ ਵੀ ਸਰਕਾਰ ਅਤੇ ਪੁਲਿਸ ਦੇ ਜ਼ੋਰ ਨਾਲ ਗੁਰਦੁਆਰਿਆਂ ਦੇ ਪ੍ਰਬੰਧ ਹਾਸਲ ਕੀਤੇ ਹਨ ਅਤੇ ਹੁਣ ਉਹ ਬਦਲੇ ਵਿੱਚ ਸਰਕਾਰਾਂ ਨੂੰ ਖੁਸ਼ ਕਰਨ ਲਈ ਪਵਿੱਤਰ ਗੁਰਧਾਮਾਂ ਦੀ ਮਰਿਆਦਾ ਦੀ ਉਲੰਘਣਾ ਲਈ ਜ਼ਿੰਮੇਵਾਰ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਅਜਿਹੀ ਕੁਤਾਹੀ ਨੂੰ ਕਦੇ ਵੀ ਮਾਫ਼ ਨਹੀਂ ਕੀਤਾ ਜਾਵੇਗਾ, ਗੁਰਦੁਆਰਿਆਂ ਦੀ ਪਵਿੱਤਰ ਮਰਿਆਦਾ ਭੰਗ ਕਰਨ ਦੇ ਜ਼ਿੰਮੇਵਾਰਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਗਿਆਨੀ ਰਘਬੀਰ ਸਿੰਘ ਨੇ ਹਰਿਆਣਾ ਦੀਆਂ ਸੰਗਤਾਂ ਨੂੰ ਕਿਹਾ ਕਿ ਉਹ ਵੀ ਸੁਚੇਤ ਹੋ ਕੇ ਗੁਰਦੁਆਰਿਆਂ ਦੀ ਪਵਿੱਤਰਤਾ ਦੀ ਰਾਖੀ ਕਰਨ।

ਇਸ਼ਤਿਹਾਰਬਾਜ਼ੀ
  • First Published :

Source link